ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਧੜੇ ਨੇ ਸਵਰਾਜ ਪਾਰਟੀ ਬਣਾ ਲਈ ਹੈ। ਚਰਚਾ ਹੈ ਕੀ ਇਹ ਨਵੀਂ ਪਾਰਟੀ ‘ਆਪ’ ਲਈ ਖਤਰੇ ਦੀ ਘੰਟੀ ਹੋਏਗੀ? ਇਸ ਪਾਰਟੀ ਦਾ ਅਜੇ ਪੰਜਾਬ ਵਿੱਚ ਕੋਈ ਜ਼ਿਆਦਾ ਅਧਾਰ ਨਹੀਂ ਪਰ ਚਰਚਾ ਹੈ ਕਿ ਇਹ ‘ਆਪ’ ਨੂੰ ਨੁਕਸਾਨ ਜ਼ਰੂਰ ਪਹੁੰਚਾਏਗੀ। ‘ਆਪ’ ਅੰਦਰ ਇਸ ਵੇਲੇ ਵੀ ਕੁਝ ਲੋਕ ਹਨ ਜੋ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਸਵਰਾਜ ਪਾਰਟੀ ਵੱਲ ਖਿਸਕ ਸਕਦੇ ਹਨ।
ਇਸ ਬਾਰੇ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਸਵਰਾਜ ਪਾਰਟੀ ਦਾ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਅਨੁਸਾਰ ਇਸ ਪਾਰਟੀ ਦਾ ਪੰਜਾਬ ਵਿੱਚ ਕੋਈ ਵਜ਼ੂਦ ਨਹੀਂ। ਇਹ ਤਾਂ ਬਣਨ ਤੋਂ ਪਹਿਲਾਂ ਹੀ ਵੰਡੀ ਗਈ ਹੈ। ਇਸ ਲਈ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਬੇਸ਼ੱਕ ‘ਆਪ’ ਦੇ ਦਾਅਵੇ ਵਿੱਚ ਦਮ ਹੈ ਪਰ ਨਵੀਂ ਪਾਰਟੀ ‘ਆਪ’ ਦੇ ਨਾਰਾਜ਼ ਖੇਮੇ ਨੂੰ ਆਪਣੇ ਵੱਲ ਖਿੱਚੇਗੀ। ਇਸ ਨਾਲ ਸੱਤਾ ਵਿਰੋਧੀ ਵੋਟ ਇੱਕ ਥਾਂ ਹੋਰ ਵੰਡੀ ਜਾਏਗੀ। ਇਸ ਤਰ੍ਹਾਂ ਰਵਾਇਤੀ ਪਾਰਟੀਆਂ ਨੂੰ ਲਾਹਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਵਰਾਜ ਪਾਰਟੀ ਦੇ ਲੀਡਰ ‘ਆਪ’ ਦੇ ਮੋਢੀਆਂ ਵਿੱਚੋਂ ਹਨ। ਉਨ੍ਹਾਂ ਵੱਲੋਂ ‘ਆਪ’ ਦੀਆਂ ਨੀਤੀਆਂ ਦਾ ਵਿਰੋਧ ਵੋਟਰਾਂ ਨੂੰ ਦੁਚਿੱਤੀ ਵਿੱਚ ਪਾਏਗਾ। ਇਸ ਤਰ੍ਹਾਂ ‘ਆਪ’ ਨੂੰ ਦੋਹਰਾ ਨੁਕਸਾਨ ਹੋ ਸਕਦਾ ਹੈ।
ਦੂਜੇ ਪਾਸੇ ਸੱਤਾਧਿਰ ਅਕਾਲੀ-ਬੀਜੇਪੀ ਇਸ ਨੂੰ ਸ਼ੁਭ ਸ਼ਗਨ ਸਮਝ ਰਹੀ ਹੈ। ਸੂਤਰਾਂ ਮੁਤਾਬਕ ਸੱਤਾਧਿਰ ਦਾ ਮੰਨਣਾ ਹੈ ਕਿ ਜਿੰਨੀਆਂ ਪਾਰਟੀਆਂ ਮੈਦਾਨ ਵਿੱਚ ਆਉਣਗੀਆਂ, ਉਨ੍ਹਾਂ ਨੂੰ ਓਨਾ ਹੀ ਫਾਇਦਾ ਮਿਲੇਗਾ।
0 comments:
Post a Comment