ਚੰਡੀਗੜ੍ਹ: ਕਾਂਗਰਸ ਨੇ ਅੱਜ ਅਕਾਲੀ ਦਲ ਵਿੱਚ ਵੱਡੀ ਸੰਨ੍ਹ ਲਾਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 60 ਪਿੰਡਾਂ ਦੇ ਅਕਾਲੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੈਪਟਨ ਨੇ ਇਨ੍ਹਾਂ ਸਰਪੰਚਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਲੀਡਰ ਕਾਂਗਰਸ ਵਿੱਚ ਸ਼ਾਮਲ ਹੋਣਗੇ।
ਇਸ ਦੇ ਨਾਲ ਹੀ ਕੈਪਟਨ ਨੇ ਅਕਾਲੀ-ਬੀਜੇਪੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਉਲੀਕੀ ਹੈ। ਉਹ ਅਗਲੇ ਦਿਨੀਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੈਦਾਨ ਵਿੱਚ ਨਿੱਤਰਣਗੇ। ਵਿਦੇਸ਼ ਦੌਰੇ ਤੋਂ ਬਾਅਦ ਕੈਪਟਨ ਸੱਤਾਧਿਰ ‘ਤੇ ਹਮਲਾਵਰ ਰੁਖ਼ ਅਖਤਿਆਰ ਕਰਨ ਦੇ ਰੌਂਅ ਵਿੱਚ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ‘ਤੇ ਹੋਏ ਹਮਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਏ।
ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਨੇ ਐਲਾਨ ਕੀਤਾ ਕਿ 8 ਜੂਨ ਨੂੰ ਕਣਕ ਤੇ ਗੰਨੇ ਦੀ ਅਦਾਇਗੀ ਨਾ ਹੋਣ ਖਿਲਾਫ ਸੰਘਰਸ਼ ਵਿੱਢਿਆ ਜਾਏਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਬਾਦਲ ਦਾ ਨੇੜਲਾ ਦਿਆਲ ਸਿੰਘ ਕੋਲਿਆਂਵਾਲੀ ਨੌਕਰੀ ਘੁਟਾਲੇ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੋਲਿਆਂਵਾਲੀ ਬਾਦਲ ਪਰਿਵਾਰ ਲਈ ਪੈਸੇ ਇਕੱਠੇ ਕਰਦਾ ਹੈ। ਕੈਪਟਨ ਨੇ ਐਲਾਨ ਕੀਤਾ ਕਿ 18 ਜੂਨ ਨੂੰ ਕਾਂਗਰਸ ਪਾਰਟੀ ਲੰਬੀ ਵਿੱਚ ਕੋਲਿਆਂਵਾਲੀ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਦੇਵੇਗੀ। ਇਸ ਤੋਂ ਇਲਾਵਾ 13 ਜੂਨ ਨੂੰ ਅਮਨ-ਕਾਨੂੰਨ ਦੀ ਵਿਗੜੀ ਹਾਲਤ ਨੂੰ ਲੈ ਕੇ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਏਗਾ।
ਕੈਪਟਨ ਨੇ ਕਿਹਾ ਕਿ ਜੱਟ ਰਾਖਵਾਂਕਰਨ ਦਾ ਮੁੱਦਾ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬ ਜੱਟਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਕੈਪਟਨ ਨੇ ਇਲਜ਼ਾਮ ਲਾਇਆ ਕਿ ਬਾਦਲ ਸਰਕਾਰ ਜੱਟਾਂ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਹਿੰਸਾ ਦੇ ਪੱਖ ਵਿੱਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਉਆ ਮੀਡੀਆ ਨੇ ਖੜ੍ਹਾਂ ਕੀਤਾ ਹੋਇਆ ਹੈ ਜਦਕਿ ਅਸਲ ਵਿੱਚ ਲੋਕਾਂ ਵੱਲੋਂ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਗਿਆ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਚੋਣਾਂ ਵਿੱਚ ਸਿਧੇ ਤੌਰ ‘ਤੇ ਅਕਾਲੀਆਂ ਨੂੰ ਫਾਇਦਾ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਕਾਲੀਆਂ ਲਈ ਪੀ.ਪੀ.ਪੀ. ਦੀ ਤਰ੍ਹਾਂ ਮਦਦਗਾਰ ਬਣਕੇ ਇਨ੍ਹਾਂ ਨੂੰ ਫਾਇਦਾ ਪੁੰਚਾਏਗੀ ਪਰ ਅਸੀਂ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਛੱਡਾਂਗੇ।
0 comments:
Post a Comment