ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅੱਜ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਮਨਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੱਕੜ ਨੇ ਇਸ਼ਾਰੇ ਵਿੱਚ ਢੱਡਰੀਆਂਵਾਲੇ ‘ਤੇ ਹਮਲੇ ਬਾਰੇ ਅਹਿਮ ਖੁਲਾਸਾ ਕਰ ਹੀ ਦਿੱਤਾ। ਦਰਅਸਲ ਜਦੋਂ ਜਥੇਦਾਰ ਮੱਕੜ ਤੋਂ ਹਮਲੇ ਪਿੱਛੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦਾ ਹੱਥ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਹੱਸ ਕੇ ਆਖਿਆ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਐ? ਇਸ ਤਰ੍ਹਾਂ ਮੱਕੜ ਦੇ ਇਸ ਜਵਾਬ ਨੇ ਢੱਡਰੀਆਂਵਾਲੇ ਦੇ ਦਾਅਵੇ ‘ਤੇ ਮੋਹਰ ਲਾ ਦਿੱਤੀ ਹੈ।
ਮੱਕੜ ਨੇ ਕਰੀਬ ਅੱਧਾ ਘੰਟਾ ਬੰਦ ਕਮਰੇ ਵਿੱਚ ਢੱਡਰੀਆਂਵਾਲੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦ ਹੱਲ ਕਰਨ ਲਈ ਅਪੀਲ ਕੀਤੀ। ਪਤਾ ਲੱਗਾ ਹੈ ਕਿ ਢੱਡਰੀਆਂਵਾਲੇ ਵਾਰ-ਵਾਰ ਇਨਸਾਫ ਦੀ ਗੱਲ ਕਰਦੇ ਰਹੇ ਤੇ ਆਪਣੇ ਸਟੈਂਡ ‘ਤੇ ਅੜੇ ਰਹੇ। ਇਸ ਮੁਲਾਕਾਤ ਤੋਂ ਬਾਅਦ ਮੱਕੜ ਨੇ ਆਖਿਆ ਕਿ ਪੰਥਕ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਹੈ ਕਿ ਦੋਵੇਂ ਧਿਰਾਂ ਵਿਚਕਾਰ ਵਧ ਰਹੇ ਤਨਾਅ ਨੂੰ ਦੂਰ ਕਰਕੇ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਮੱਕੜ ਨੇ ਆਖਿਆ ਕਿ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਦਮਦਮੀ ਟਕਸਾਲ ਵੱਲੋਂ ਇਸ ਮਸਲੇ ਨੂੰ ਹੱਲ ਕਰਾਉਣ ਲਈ ਹਾਮੀ ਵੀ ਭਰੀ ਗਈ ਹੈ। ਸਰਕਾਰ ਵੱਲੋਂ ਇਸ ਮਸਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਤੋਂ ਮਨ੍ਹਾਂ ਕਰਨ ‘ਤੇ ਬੋਲਦਿਆਂ ਮੱਕੜ ਨੇ ਆਖਿਆ ਕਿ ਇਹ ਸਰਕਾਰ ਦਾ ਫੈਸਲਾ ਇਸ ਵਿੱਚ ਉਹ ਕੁਝ ਨਹੀਂ ਕਰ ਸਕਦੇ।
ਦੂਜੇ ਪਾਸੇ ਮੁਲਾਕਾਤ ਤੋਂ ਬਾਅਦ ਢੱਡਰੀਆਂਵਾਲੇ ਨੇ ਆਖਿਆ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਸਲੇ ਦਾ ਹੱਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਹ ਸੰਗਤ ਦੀ ਤਰ੍ਹਾਂ ਹੀ ਕਮੇਟੀ ਅੱਗੇ ਵੀ ਆਪਣਾ ਪੱਖ ਰੱਖਣਗੇ। ਦੋਵਾਂ ਧਿਰਾਂ ਵਿਚਾਲੇ ਸਮਝੌਤੇ ਦੀ ਗੱਲ ‘ਤੇ ਬੋਲਦਿਆਂ ਉਨ੍ਹਾਂ ਆਖਿਆ ਕਿ ਉਹ ਸਿਰਫ ਆਪਣਾ ਪੱਖ ਸੰਗਤ ਤੇ ਕਮੇਟੀ ਸਾਹਮਣੇ ਰੱਖਣਗੇ ਤੇ ਨਾਲ ਹੀ ਆਪਣੇ ਸਟੈਂਡ ‘ਤੇ ਕਾਇਮ ਰਹਿਣਗੇ।
0 comments:
Post a Comment