ਚੰਡੀਗੜ੍ਹ: ਪੰਜਾਬ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਉੱਤਰ ਪ੍ਰਦੇਸ਼ ਵਿੱਚ ਸਿਆਸੀ ਦਾਅ ਖੇਡਣ ਜਾ ਰਹੀ ਹੈ। ਲੋਕ ਸਭਾ ਮੈਂਬਰ ਤੇ ਪਾਰਟੀ ਦੇ ਯੂ.ਪੀ. ਮਾਮਲਿਆਂ ਦੇ ਇੰਚਾਰਜ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪਾਰਟੀ 30 ਤੋਂ 35 ਸੀਟਾਂ ਉੱਤੇ ਚੋਣ ਲੜੇਗੀ। ਮੁਹਾਲੀ ਵਿਖੇ ‘ਏਬੀਪੀ ਸਾਂਝਾ’ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪਾਰਟੀ ਦੀ ਪਹਿਲੀ ਕੋਸ਼ਿਸ਼ ਇਹ ਹੈ ਕਿ ਉਹ ਆਪਣੇ ਭਾਈਵਾਲ ਬੀਜੇਪੀ ਨਾਲ ਮਿਲਕੇ ਯੂ.ਪੀ. ਵਿੱਚ ਚੋਣਾਂ ਲੜੇ। ਜੇਕਰ ਅਜਿਹਾ ਨਾ ਹੋਇਆ ਤਾਂ ਉਹ ਇਕੱਲੇ ਤੌਰ ਉੱਤੇ ਵੀ ਚੋਣ ਮੈਦਾਨ ਵਿੱਚ ਜਾ ਸਕਦੀ ਹੈ।
ਯਾਦ ਰਹੇ ਕਿ ਬੀਜੇਪੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਆਖਿਆ ਕਿ ਯੂਪੀ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ ਤੇ ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਸ ਲਈ ਪਾਰਟੀ ਰਾਜਨੀਤਕ ਤੌਰ ਉੱਤੇ ਯੂਪੀ ਦੇ ਪੰਜਾਬੀਆਂ ਨੂੰ ਉਭਾਰਨਾ ਚਾਹੁੰਦੀ ਹੈ। ਯੂਪੀ ਦੇ ਤਰਾਈ ਖੇਤਰ ਵਿੱਚ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ। ਇਹ ਆਬਾਦੀ ਉੱਥੋਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ।
ਇਸ ਕਰਕੇ ਅਕਾਲੀ ਪੰਜਾਬ ਦੇ ਨਾਲ-ਨਾਲ ਯੂਪੀ ਵਿੱਚ ਵੀ ਆਪਣਾ ਸਿਆਸੀ ਦਾਅ ਖੇਡਣ ਜਾ ਰਿਹਾ ਹੈ। ਵੈਸੇ ਪਾਰਟੀ ਨੇ ਯੂਪੀ ਦੇ ਪੰਜਾਬੀਆਂ ਨੂੰ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਪਹਿਲਾਂ ਸੀਨੀਅਰ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੂੰ ਸੌਂਪੀ ਸੀ ਪਰ ਰਾਮੂਵਾਲੀਆ ਨੇ ਇਸ ਬਹਾਨੇ ਨਾ ਸਿਰਫ਼ ਸਮਾਜਵਾਦੀ ਪਾਰਟੀ ਨਾਲ ਨੇੜਤਾ ਕਾਇਮ ਕੀਤੀ ਸਗੋਂ ਪਾਰਟੀ ਦੇ ਸਾਈਕਲ ਉੱਤੇ ਸਵਾਰ ਹੋ ਕੇ ਕੈਬਨਿਟ ਮੰਤਰੀ ਦਾ ਅਹੁਦਾ ਵੀ ਹਾਸਲ ਕਰ ਲਿਆ। ਇਸ ਲਈ ਹੁਣ ਅਕਾਲੀ ਦਲ ਨੇ ਹੁਣ ਯੂਪੀ ਵਿੱਚ ਪੰਜਾਬੀਆਂ ਦਾ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸੌਂਪੀ ਹੈ। ਵੈਸੇ ਯੂਪੀ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣਾ ਉਨ੍ਹਾਂ ਲਈ ਵੱਡੀ ਚੁਨੌਤੀ ਹੈ।
0 comments:
Post a Comment